Fareeda tan sukaa pinjar theeaa taleeya khoondeh kaag ||
Ajai so rab na bahudeyo dhekh bande ke bhaag ||
ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ।।
ਅਜੈ ਸੁ ਰਬੁ ਨ ਬਾਹੁੜਿਓ ਦੇਖ ਬੰਦੇ ਕੇ ਭਾਗ।। ੯੦।।
ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ।।
ਅਜੈ ਸੁ ਰਬੁ ਨ ਬਾਹੁੜਿਓ ਦੇਖ ਬੰਦੇ ਕੇ ਭਾਗ।। ੯੦।।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸ।।
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਣ ਕੀ ਆਸ।। ੯੧।।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ।।
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ।। ੯੨।।
(ਸਲੋਕ ਸੇਖ ਫਰੀਦ ਜੀ-੧੩੮੨)
ਅਰਥ- ਹੇ ਫਰੀਦ! ਇਹ ਭੌਂਕਾ ਸਰੀਰ ਵਿਸ਼ੇ ਵਿਕਾਰਾਂ ਵਿੱਚ ਪੈ-ਪੈ ਕੇ ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਫਿਰ ਭੀ ਇਹ ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ। ਭਾਵ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ। ਵੇਖੋ ਵਿਕਾਰਾਂ ਵਿੱਚ ਪਏ ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ ਜਦੋਂ ਕਿ ਇਸ ਦਾ ਸਰੀਰ ਦੁਨੀਆਂ ਦੇ ਵਿਸ਼ੇ ਭੋਗ-ਭੋਗ ਕੇ ਆਪਣੀ ਸੱਤਿਆ ਵੀ ਗਵਾ ਬੈਠਾ ਹੈ, ਰੱਬ ਇਸ ਤੇ ਤੁੱਠਾ ਨਹੀਂ ਭਾਵ ਇਸ ਦੀ ਝਾਕ ਮਿਟੀ ਨਹੀਂ।। ੯੦।।
ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ ਅਤੇ ਸਾਰਾ ਮਾਸ ਖਾ ਲਿਆ ਹੈ। ਭਾਵ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਅੱਤ ਲਿੱਸੇ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ। ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਨ੍ਹਾਂ ਨੇ ਖਿਚ ਲਈ ਹੈ। ਰੱਬ ਕਰਕੇ ਕੋਈ ਵਿਕਾਰ ਮੇਰੀਆਂ ਅੱਖਾਂ ਨੂੰ ਨਾਹ ਛੇੜੇ, ਇਨ੍ਹਾਂ ਵਿੱਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ।। ੯੧।।
ਹੇ ਕਾਂ! ਮੇਰਾ ਪਿੰਜਰ ਨਾਂਹ ਠੂੰਗ, ਜੇ ਤੇਰੇ ਵੱਸ ਵਿੱਚ ਇਹ ਗੱਲ ਹੈ ਤਾਂ ਇਥੋਂ ਉੱਡ ਜਾਹ। ਜਿਸ ਸਰੀਰ ਵਿੱਚ ਮੇਰਾ ਖਸਮ ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਂਹ ਖਾਹ। ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ ਤੇ ਜਾਹ ਖਲਾਸੀ ਕਰ। ਇਸ ਸਰੀਰ ਵਿੱਚ ਤਾਂ ਖਸਮ ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਵਿਸ਼ੇ ਭੋਗਾਂ ਵੱਲ ਪ੍ਰੇਰਨ ਦਾ ਜਤਨ ਨਾਂਹ ਕਰ।। ੯੨।।
ਉਪਰੋਕਤ ਤਿੰਨੇ ਸਲੋਕਾਂ ਦੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਕਾਂ ਰੂਪੀ ਪੰਛੀ ਦ੍ਰਿਸ਼ਟਾਂਤ ਵਿਸ਼ੇ ਵਿਕਾਰਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਕਿ ਦੁਨਿਆਵੀ ਪਦਾਰਥਾਂ ਦੇ ਚਸਕੇ ਜੋ ਵਿਸ਼ੇ ਵਿਕਾਰ ਬਣ ਕੇ ਜੀਵਨ ਨੂੰ ਬਰਬਾਦ ਕਰਦੇ ਹਨ। ਉਨ੍ਹਾਂ ਤੋਂ ਬਚਣ ਲਈ ਗੁਰੂ ਦੀ ਸ਼ਰਨ, ਭਾਵ ਗੁਰੂ ਦੇ ਸੱਚੇ-ਸੁੱਚੇ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਪ੍ਰਮੇਸ਼ਰ ਮਿਲਾਪ ਰੂਪੀ ਪ੍ਰਾਪਤੀ ਕਰਨ ਦੇ ਸਮਰੱਥ ਬਣ ਸਕਾਂਗੇ।
0 comments:
Post a Comment