ਪੰਜਾਬੀ ਜਗਤ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ . ਛੇਤੀ ਹੀ ਇੰਟਰਨੈੱਟ ਡੋਮੇਨ ਨਾਮ ਪੰਜਾਬੀ ਭਾਵ ਗੁਰਮੁਖੀ ਲਿਪੀ ਵਿਚ ਹਾਸਲ ਕੀਤੇ ਜਾ ਸਕਣਗੇ . ਇਸ ਮੰਤਵ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ .
ਇੰਟਰਨੈੱਟ ਡੋਮੇਨ ਨਾਵਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਦਾ ਪ੍ਰਬੰਧ ਅਤੇ ਨਿਗਰਾਨੀ ਕਰਨ ਵਾਲੀ ਸੰਸਥਾ ‘ਇੰਟਰਨੈੱਟ ਕਾਰਪੋਰੇਸ਼ਨ ਫ਼ਾਰ ਅਸਾਈਨਡ ਨੇਮਜ਼ ਐਂਡ ਨੰਬਰਜ਼’ (ICANN) ਨਾਮੀ ਸੰਸਥਾ ਗੁਰਮੁਖੀ ਵਿਚ ਉੱਚ ਪੱਧਰ ਦੇ ਡੋਮੇਨ ਨਾਮ ਮੁਹੱਈਆ ਕਰਵਾਉਣ ਜਾ ਰਹੀ ਹੈ।
‘ਇੰਟਰਨੈੱਟ ਕਾਰਪੋਰੇਸ਼ਨ ਫ਼ਾਰ ਅਸਾਈਨਡ ਨੇਮਜ਼ ਐਂਡ ਨੰਬਰਜ਼’ ਦਾ ਮੁੱਖ ਕੰਮ ਅੰਤਰਰਾਸ਼ਟਰੀ ਡੋਮੇਨ ਨਾਮ (IDN) ਉਪਲਬਧ ਕਰਵਾਉਣਾ ਹੈ।
ਇਸ ਨਾਲ ਗੁਰਮੁਖੀ ਵਿਚ ਵੈੱਬ ਪਤਾ ਅਤੇ ਈਮੇਲ ਆਈਡੀ ਰਾਹੀਂ ਵੈੱਬਸਾਈਟ ਬਣਾਉਣੀ ਸੰਭਵ ਹੋਵੇਗੀ। ਹੁਣ ਜਲਦ ਹੀ ਕੋਈ ਵੀ ‘ਪੰਜਾਬੀਯੂਨੀਵਰਸਿਟੀ.ਪੰਜਾਬ’ ਦੀ ਤਰ੍ਹਾਂ ਸੰਪੂਰਨ ਡੋਮੇਨ ਸਿਰਨਾਵਾਂ ਰੱਖ ਸਕਦਾ ਹੈ।
ਇਹ ਖੁਲਾਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਫੈਕਲਟੀ ਆਫ਼ ਕੰਪਿਊਟਿੰਗ ਸਾਇੰਸਿਜ਼ ਅਤੇ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਦੇ ਡਾਇਰੈਕਟਰ ਡਾ: ਗੁਰਪ੍ਰੀਤ ਸਿੰਘ ਲਹਿਲ ਨੇ ਕੀਤਾ। ਡਾ. ਲਹਿਲ ਅਨੁਸਾਰ ਚੋਟੀ ਦੇ ਡੋਮੇਨ ਨਾਵਾਂ ਨੂੰ ਗੁਰਮੁਖੀ ਵਿਚ ਜਨਤਕ ਤੌਰ ‘ਤੇ ਉਪਲਬਧ ਕਰਾਉਣ ਤੋਂ ਪਹਿਲਾਂ ਇਸ ਪ੍ਰਕਿਰਿਆ ਨੂੰ ਗੰਭੀਰ ਤਕਨੀਕੀ ਅਤੇ ਭਾਸ਼ਾਈ ਵਿਚਾਰ-ਵਟਾਂਦਰੇ ਰਾਹੀਂ ਪ੍ਰਵਾਨਿਤ ਕਰਨਾ ਪੈਂਦਾ ਹੈ। ਡੋਮੇਨ ਨਾਮ ਗੁਰਮੁਖੀ ਦੇ ਭਾਸ਼ਾਈ ਗੁਣਾਂ ਦੇ ਆਧਾਰ 'ਤੇ ਇੱਕ ਪ੍ਰਮਾਣਿਕ ਅੱਖਰ ਲੜੀ ਵਿਚ ਹੋਣੇ ਚਾਹੀਦੇ ਹਨ। ਇਸ ਪ੍ਰਕਿਰਿਆ ਵਿਚ ਇੱਕੋ ਜਿਹੇ ਦਿੱਖਣ ਵਾਲੇ ਅੱਖਰਾਂ, ਪ੍ਰਮਾਣਿਕ ਤੌਰ ‘ਤੇ ਸਮਾਨ ਵਰਨਾਂ, ਵਿਅੰਜਨਾਂ ਤੇ ਸਵਰਾਂ ਦੇ ਭਾਸ਼ਾਈ ਨਿਯਮਾਂ ਦਾ ਪਾਲਨ ਕਰਨਾ ਲਾਜ਼ਮੀ ਹੁੰਦਾ ਹੈ। ਇਸ ਤੋਂ ਇਲਾਵਾ ਫਿਸ਼ਿੰਗ ਹਮਲਿਆਂ ਸਮੇਤ ਸੁਰੱਖਿਆ ਦੇ ਹੋਰ ਮੁੱਦਿਆਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਇਸੇ ਸੰਦਰਭ ਵਿਚ 13-16 ਦਸੰਬਰ ਨੂੰ ਕੋਲੰਬੋ ਵਿਖੇ ਨਿਓ-ਬ੍ਰਹਮੀ ਕਮੇਟੀ ਦੀ ਉੱਚ-ਪੱਧਰੀ ਗੋਸ਼ਟੀ ਕੀਤੀ ਗਈ।
ਡਾ. ਗੁਰਪ੍ਰੀਤ ਸਿੰਘ ਲਹਿਲ ਜਿਨ੍ਹਾਂ ਦੀ ਅਗਵਾਈ ਹੇਠ ਇਸ ਮੰਤਵ ਲਈ ਗੁਰਮੁਖੀ ਲਿਪੀ ਦੇ ਭਾਸ਼ਾਈ ਅਤੇ ਤਕਨੀਕੀ ਨਿਯਮ ਤਿਆਰ ਕੀਤੇ ਜਾ ਰਹੇ ਹਨ, ਨੂੰ ICANN ਦੁਆਰਾ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ। ਡਾ. ਲਹਿਲ ਦੀ ਟੀਮ ਦੇ ਬਾਕੀ ਮੈਂਬਰਾਂ ਵਿਚ ਡਾ. ਹਰਵਿੰਦਰਪਾਲ ਕੌਰ, ਡਾ. ਪਰਮਜੀਤ ਸਿੰਘ ਸਿੱਧੂ ਅਤੇ ਡਾ. ਬੂਟਾ ਸਿੰਘ ਬਰਾੜ ਸ਼ਾਮਲ ਹਨ। ਡਾ. ਲਹਿਲ ਅਨੁਸਾਰ ਗੁਰਮੁਖੀ ਅਤੇ ਹੋਰ ਭਾਰਤੀ ਲਿਪੀਆਂ ਵਿਚ ਵੈੱਬਸਾਈਟ ਨਾਵਾਂ ਦੀ ਸਹੂਲਤ ਇੰਟਰਨੈੱਟ ਨੂੰ ਇੱਕ ਸੱਚਮੁੱਚ ਆਲਮੀ ਅਤੇ ਬਹੁਭਾਸ਼ਾਈ ਟੂਲ ਵਿਚ ਤਬਦੀਲ ਕਰਨ ਦੀ ਸੰਭਾਵਨਾ ਨੂੰ ਹੋਰ ਵਧਾਏਗੀ ਅਤੇ ਇੰਟਰਨੈੱਟ ਦੇ ਕੌਮਾਂਤਰੀਕਰਣ ਵੱਲ ਉਚੇਰੀ ਪਹਿਲ ਹੋਵੇਗੀ। ਇਸ ਨਾਲ ਗੁਰਮੁਖੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਵਿਚ ਮਜ਼ਮੂਨ ਤਬਦੀਲ ਕਰਨਾ ਸੁਖਾਲਾ ਹੋਵੇਗਾ
0 comments:
Post a Comment