ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਵਾਇਸ ਪ੍ਰਿੰ. ਹਰਭਜਨ ਸਿੰਘ-94170-20961
ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥
ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥
ਐਸੀ ਭਗਤਿ ਗੋਵਿੰਦ ਕੀ, ਕੀਟਿ ਹਸਤੀ ਜੀਤਾ॥
ਜੋ ਜੋ ਕੀਨੋ ਆਪਨੋ, ਤਿਸੁ ਅਭੈ ਦਾਨੁ ਦੀਤਾ ॥੨॥
ਸਿੰਘੁ ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥
ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥
ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ॥
ਕਰਿ ਕਿਰਪਾ ਮੋਹਿ ਨਾਮੁ ਦੇਹੁ, ਨਾਨਕ ! ਦਰ ਸਰੀਤਾ॥੪॥
ਵੀਚਾਰ ਅਧੀਨ ਅਮ੍ਰਿਤਮਈ ਬਚਨ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਬਲ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 809 ਅਤੇ 810 ’ਤੇ ਅੰਕਿਤ ਹਨ। ਇਹਨਾ ਅਨਮੋਲ ਬਚਨਾ ਰਾਹੀਂ ਗੁਰਦੇਵ ਪਿਤਾ ਜੀ ਕਿਸੇ ਜਗਿਆਸੂ ਦੇ ਪੁੱਛਣ ’ਤੇ ਕਿ ਗੁਰੂ ਦੀ ਸੰਗਤ ਕਰਨ ਦਾ ਕੀ ਲਾਭ ਹੈ ? ਉਸ ਨੂੰ ਸੰਬੋਧਨ ਕਰਦੇ ਹੋਏ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਇਸ ਤਰ੍ਹਾਂ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ:- ‘‘ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥’’ ਭਾਵ ਹੇ ਮੇਰੇ ਮਿਤਰ ! ਗੁਰੂ ਦੀ ਸੰਗਤ ਦੀ ਵਡਿਆਈ ਧਿਆਨ ਨਾਲ ਸੁਣ। ਜਿਹੜਾ ਵੀ ਮਨੁੱਖ ਨਿਤ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ। ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਉਸ ਦੇ ਕ੍ਰੋੜਾਂ ਪਾਪ ਨਾਸ਼ ਹੋ ਜਾਂਦੇ ਹਨ। ਗੁਰਬਾਣੀ ਵਿਚ ਸਤਿਗੁਰੂ ਜੀ ਨੂੰ ਅਨੇਕਾਂ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਕਿ ਦਰਿਆ, ਸਰੋਵਰ, ਤੀਰਥ, ਪਾਰਸ, ਚੰਦਨ, ਆਦਿ। ਦਰਿਆ, ਸਰੋਵਰ ਅਤੇ ਤੀਰਥ ਇਹਨਾ ਦਾ ਸਬੰਧ ਪਾਣੀ ਨਾਲ ਹੈ। ਜਿਹੜਾ ਵੀ ਇਨਸਾਨ ( ਭਾਵੇਂ ਉਸ ਦਾ ਸਬੰਧ ਕਿਸੇ ਅਖੌਤੀ ਜਾਤਿ ਜਾਂ ਧਰਮ ਨਾਲ ਹੋਵੇ) ਇਹਨਾ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਦੀ ਮੈਲ ਦੂਰ ਹੋ ਜਾਵੇਗੀ ਅਤੇ ਸਰੀਰ ਨੂੰ ਠੰਢਕ ਵੀ ਮਹਿਸ਼ੂਸ ਹੋਵੇਗੀ। ਦਰਿਆ ਜਾਂ ਸਰੋਵਰ ਕਦੇ ਵੀ ਇਹ ਨਹੀਂ ਪੁੱਛਣਗੇ ਕਿ ਤੇਰੀ ਜਾਤ ਕੀ ਹੈ ? ਜਾਂ ਤੇਰਾ ਧਰਮ ਕੀ ਹੈ ? ਠੀਕ ਇਸੇ ਤਰ੍ਹਾਂ ਪੂਰਾ ਸਤਿਗੁਰੂ ਦਰਿਆ ਸਰੂਪ ਹੈ, ਜੋ ਵੀ ਮਨ ਕਰ ਕੇ ਸਤਿਗੁਰੂ ਦੇ ਉਪਦੇਸ਼ ਰੂਪੀ ਬਾਣੀ ਵਿੱਚ ਚੁੱਭੀਆਂ ਮਾਰੇਗਾ/ਤਾਰੀਆਂ ਲਾਏਗਾ। ਉਸ ਦੇ ਮਨ ਦੀ ਮੈਲ ਕਿਵੇਂ ਦੂਰ ਨਹੀਂ ਹੋਵੇਗੀ ? ਲੋੜ ਤਾਂ ਬੱਸ ਇਹ ਹੈ ਕਿ ਸੱਚੇ ਦਿਲੋਂ ਗੁਰੂ ਦੀ ਸੰਗਤ ਕੀਤੀ ਜਾਏ। ਭਟ ਕਲ੍ਸਹਾਰ ਜੀ ਗੁਰੂ ਅੰਗਦ ਸਾਹਿਬ ਜੀ ਦੀ ਉਪਮਾ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ‘‘ਗੁਰੁ ਨਵ ਨਿਧਿ ਦਰੀਆਉ, ਜਨਮ ਹਮ ਕਾਲਖ ਧੋਵੈ॥’’ ੧੩੯੨॥ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ:-‘ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ, ਜਲਹੁ ਦੁਧੁ ਪੀਣਾ। ਗੁਰ ਤੀਰਥੁ ਦਰੀਆਉ ਹੈ, ਪਸ਼ੂ ਪਰੇਤ ਕਰੈ ਪਰਬੀਣਾ।’ ਵਾਰ ੨੬/ਪ ੨੦॥ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਜਿੰਦਗੀ ਨਾਮਹ ਵਿੱਚ ਸਤਿਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਇਹਨਾ ਬਚਨਾ ਰਾਹੀਂ ਕਰ ਰਹੇ ਹਨ:-ਮੁਰਸ਼ਿਦੇ ਕਾਮਿਲ ਇਲਾਜੇ ਦਿਲ ਕੁਨਦ। ਕਾਮਿ ਦਿਲ ਅੰਦਰ, ਦਿਲਤ ਹਾਮਿਲ ਕੁਨਦ।’ ਭਾਵ ਕਿ ਪੂਰੇ ਸਤਿਗੁਰੂ ਮਨ ਦੇ ਵਿਕਾਰਾਂ ਦਾ ਇਲਾਜ ਕਰਦੇ ਹਨ। ਜੋ ਤੇਰੇ ਮਨ ਵਿੱਚ ਮੁਰਾਦ ਹੈ ਉਹ ਸਤਿਗੁਰੂ ਪੂਰੀ ਕਰਨਗੇ। ਜੇਕਰ ਸਰੀਰ ਕਰਕੇ ਕੋਈ ਸਤਿਗੁਰੂ ਦੇ ਨੇੜੇ ਹੈ ਪਰ ਸਤਿਗੁਰੂ ਦਾ ਹੁਕਮ ਮੰਨਣ ਤੋਂ ਇਨਕਾਰੀ ਹੈ। ਤਾਂ ਇਸ ਤਰ੍ਹਾਂ ਮਨ ਦੀ ਮੈਲ ਜਾਂ ਹੋਰ ਪਾਪ ਦੂਰ ਨਹੀਂ ਹੋ ਸਕਦੇ। ਜਿਵੇਂ ਕਿ ਗੁਰ ਇਤਿਹਾਸ ਵਿੱਚੋਂ ਪੜ੍ਹਨ, ਸੁਣਨ ਨੂੰ ਮਿਲਦਾ ਹੈ। ਬਾਬਾ ਰਾਮਰਾਏ ਜੀ ਗੁਰੂ ਹਰਿ ਰਾਏ ਜੀ ਦੇ ਵੱਡੇ ਸਪੁੱਤਰ ਸਨ। ਔਰੰਗਜ਼ੇਬ ਦੇ ਸੱਦੇ ’ਤੇ ਸਤਿਗੁਰੂ ਬਾਬਾ ਰਾਮਰਾਏ ਜੀ ਨੂੰ ਦਿੱਲੀ ਭੇਜਦੇ ਹਨ ਅਤੇ ਨਾਲ ਤਾਕੀਦ ਵੀ ਕਰਦੇ ਹਨ ਕਿ ਗੁਰੂ ਨੂੰ ਅੰਗ ਸੰਗ ਜਾਣਦਿਆਂ ਹੋਇਆਂ ਸੁਚੇਤ ਰਹਿਣਾ। ਪਰ ਰਾਮਰਾਏ ਜੀ ਔਰੰਗਜ਼ੇਬ ਦੀਆਂ ਗੱਲਾਂ ਵਿੱਚ ਆ ਗਏ। ਅਤੇ ਉਹਨਾ ਨੇ ਗੁਰਬਾਣੀ ਦੀ ਇੱਕ ਤੁਕ ਵੀ ਬਦਲ ਦਿੱਤੀ। ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹਨਾ ਰਾਮਰਾਏ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਤਿਗੁਰੂ ਹਰਿਰਾਏ ਜੀ ਜੋਤਿ ਜੋਤ ਸਮਾਉਣ ਲੱਗੇ ਤਾਂ ਉਹਨਾ ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਛੋਟੇ ਸਪੁੱਤਰ ਬਾਬਾ ਹਰਿ ਕ੍ਰਿਸ਼ਨ ਜੀ ਨੂੰ ਸਉਂਪ ਦਿੱਤੀ। ਜਿਹਨਾ ਦੀ ਉਮਰ ਉਸ ਸਮੇ ਕੇਵਲ ਸਾਡੇ ਪੰਜ ਸਾਲ ਦੀ ਸੀ। ਉਮਰ ਕਰਕੇ ਜਾਂ ਸਰੀਰ ਕਰਕੇ ਤਾਂ ਬਾਬਾ ਰਾਮਰਾਏ ਹੀ ਵੱਡੇ ਸਨ। ਪਰ ਗੁਰਮਤਿ ਅਨੁਸਾਰ ਵਡੱਪਣ ਦੇ ਹੱਕਦਾਰ ਗੁਰੂ ਹਰਿ ਕ੍ਰਿਸ਼ਨ ਜੀ ਹੀ ਬਣੇ। ਕਿਉਂਕਿ ਮਨ ਕਰਕੇ ਇਹ ਸਦੀਵ ਆਪਣੇ ਗੁਰਦੇਵ ਪਿਤਾ ਜੀ ਦੀ ਸੰਗਤ ਦਾ ਅਨੰਦ ਮਾਣਦੇ ਰਹਿੰਦੇ ਸਨ। ਬਾਅਦ ਵਿੱਚ ਜਿਸ ਜਿਸ ਨੇ ਵੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੰਗਤ ਕੀਤੀ ਉਸ ਦਾ ਪਾਰ ਉਤਾਰਾ ਹੋਇਆ। ਭਾਈ ਸੰਤੋਖ ਸਿੰਘ ਜੀ ਵੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਸਬੰਧ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ:-‘ਸੁੰਦਰ ਬਦਨ, ਨਿਕਦਨ ਦੁਖ, ਸਦਨ ਸੁਖਨਿ, ਗੁਨ ਭੂਰ। ਸ਼੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ, ਜੈ ਜੈ ਮੰਗਲ ਮੂਰ।’ ਭਾਵ ਜਿਸ ਦਾ ਮੁੱਖ ਸੋਹਣਾ ਹੈ, ਦੁੱਖਾਂ ਨੂੰ ਕੱਟਣ ਵਾਲਾ ਹੈ, ਸੁੱਖਾਂ ਦਾ ਘਰ ਹੈ, ਜਿਹਨਾ ਵਿੱਚ ਗੁਣ ਬਹੁਤਾਤ ਵਿੱਚ ਹਨ, ਖ਼ੁਸ਼ੀਆਂ ਦੇ ਮੂਲ ਹਨ, ਐਸੇ ਸਤਿਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਜੈ ਜੈਕਾਰ ਹੋਵੇ। ਐਸੇ ਸਤਿਗੁਰੂ ਜੀ ਦੀ ਸੰਗਤ ਵੀ ਅਪਰੰਪਰ ਹੈ। ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਫ਼ਰਮਾ ਰਹੇ ਹਨ:-‘‘ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥’’ ਭਾਵ ਹੇ ਮਿਤਰ ! ਗੁਰੂ ਦਾ ਸੰਗ ਕਰਕੇ ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ। ਮਹਾਂ ਮੂਰਖ ਮਨੁੱਖ ਸਿਆਣੇ ਬਕਤਾ ਬਣ ਜਾਂਦੇ ਹਨ। ਅੰਨੇ ਮਨੁੱਖ ਨੂੰ ਤਿੰਨਾ ਭਵਨਾ ਦੀ ਸੋਝੀ ਪੈ ਜਾਂਦੀ ਹੈ। ਸਹਸਕ੍ਰਿਤੀ ਸਲੋਕ ਨੰ.55 ਰਾਹੀਂ ਵੀ ਗੁਰੂ ਅਰਜੁਨ ਸਾਹਿਬ ਜੀ ਇਸ ਤਰ੍ਹਾਂ ਸਮਝਾ ਰਹੇ ਹਨ:-‘‘ਮਸਕੰ ਭਗਨੰਤ ਸੈਲੰ, ਕਰਦਮੰ ਤਰੰਤ ਪਪੀਲਕਹ॥ ਸਾਗਰੰ ਲੰਘੰਤਿ ਪਿੰਗੰ, ਤਮ ਪਰਗਾਸ ਅੰਧਕਹ॥ ਸਾਧ ਸੰਗੇਣਿ ਸਿਮਰੰਤਿ ਗੋਬਿੰਦ, ਸਰਣਿ ਨਾਨਕ ! ਹਰਿ ਹਰਿ ਹਰੇ॥’’ ੧੩੫੯॥ ਭਾਵ ਹੇ ਨਾਨਕ ! ਜੋ ਮਨੁੱਖ, ਗੁਰੂ ਸੰਗਤ ਦੀ ਰਾਹੀਂ ਪ੍ਰਮਾਤਮਾ ਦੀ ਓਟ ਲੈ ਕੇ ਉਸ ਦਾ ਸਿਮਰਨ ਕਰਦਾ ਹੈ। ਉਹ ਪਹਿਲਾਂ ਮੱਛਰ ਵਾਂਗ ਨਿਤਾਣਾ ਹੁੰਦਿਆਂ ਵੀ ਹੁਣ ਅਹੰਕਾਰ ਰੂਪੀ ਪਹਾੜ ਨੂੰ ਤੋੜ ਲੈਂਦਾ ਹੈ, ਪਹਿਲਾਂ ਕੀੜੀ ਵਾਂਗ ਕਮਜ਼ੋਰ ਹੁੰਦਿਆਂ ਵੀ ਹੁਣ ਮੋਹ ਰੂਪੀ ਚਿਕੜ ਤੋਂ ਤਰ ਜਾਂਦਾ ਹੈ, ਪਹਿਲਾਂ ਲੂਲ੍ੇ ਵਾਂਗ ਨਿਆਸਰਾ ਹੁੰਦਿਆਂ ਵੀ ਹੁਣ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਸ ਅੰਨੇ ਦਾ ਅਗਿਆਨਤਾ ਰੂਪ ਹਨੇਰਾ ਚਾਨਣ ਬਣ ਜਾਂਦਾ ਹੈ। ਗੁਰੂ ਦੇ ਸੰਗ ਵਿੱਚ ਰਹਿ ਕੇ ਜੋ ਹੋਰ ਤਬਦੀਲੀ ਹੁੰਦੀ ਹੈ ਉਸ ਬਾਰੇ ਸਤਿਗੁਰੂ ਜੀ ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਰਾਹੀਂ ਫ਼ੁਰਮਾਨ ਕਰਦੇ ਹੋਏ ਸਮਝਾ ਰਹੇ ਹਨ:-ਐਸੀ ਭਗਤਿ ਗੋਵਿੰਦ ਕੀ, ਕੀਟਿ ਹਸਤੀ ਜੀਤਾ॥ ਜੋ ਜੋ ਕੀਨੋ ਆਪਨੋ, ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ, ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥ ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥ ਭਾਵ ਹੇ ਮਿੱਤਰ ! ਗੁਰੂ ਦੀ ਸੰਗਤ ਵਿੱਚ ਆ ਕੇ ਕੀਤੀ ਹੋਈ ਪ੍ਰਭੂ ਦੀ ਭਗਤੀ ਅਸਚਰਜ ਤਾਕਤ ਰੱਖਦੀ ਹੈ। ਇਸ ਦੀ ਬਰਕਤ ਨਾਲ ਨਿਮਰਤਾ ਰੂਪੀ ਕੀੜੀ ਨੇ ਅਹੰਕਾਰ ਰੂਪੀ ਹਸਤੀ ਨੂੰ ਜਿੱਤ ਲਿਆ ਹੈ। ਜਿਸ ਜਿਸ ਮਨੁੱਖ ਨੂੰ ਅਕਾਲ ਪੁਰਖ ਨੇ ਆਪਣਾ ਬਣਾ ਲਿਆ, ਉਸ ਨੂੰ ਪ੍ਰਭੂ ਨੇ ਨਿਰਭੈਤਾ ਦਾ ਦਾਨ ਬਖ਼ਸ਼ ਦਿੱਤਾ। ਅਹੰਕਾਰ ਰੂਪੀ ਸ਼ੇਰ ਨਿਮਰਤਾ ਰੂਪੀ ਬਿੱਲੀ ਬਣ ਗਿਆ। ਗ਼ਰੀਬੀ ਸੁਭਾਵ ਰੂਪੀ ਤੀਲਾ ਵੱਡੀ ਤਾਕਤ (ਸੁਮੇਰ ਪਰਬਤ) ਦਿੱਸਣ ਲੱਗ ਪੈਂਦਾ ਹੈ। ਜਿਹੜੇ ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ। ਉਹ ਧਨਾਢ ਬਣ ਜਾਂਦੇ ਹਨ ਭਾਵ ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ। ਆਸਾ ਰਾਗ ਵਿਚਲੇ ਸ਼ਬਦ ਦੀਆਂ ਉਚਾਰਨ ਕੀਤੀਆਂ ਹੋਈਆਂ ਗੁਰੂ ਅਰਜੁਨ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੀ ਜੀਵਨ ਤਬਦੀਲੀ ਸਬੰਧੀ ਇਸ ਤਰ੍ਹਾਂ ਕਹਿ ਰਹੀਆਂ ਹਨ:-‘‘ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ ਰੇ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ, ਕੂਕਰ ਤਿਨਹਿ ਲਗਾਈ ਰੇ॥’’ ਮ:੫/੩੮੧॥ ਭਾਵ ਹੇ ਭਾਈ ! ਜਿਸ ਮਨੁੱਖ ਨੂੰ ਗੁਰੂ ਜੀ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ ਉਸ ਦੀ ਸੰਤੋਖਹੀਣ ਬਿਰਤੀ ਰੂਪ ਬਿੱਲੀ ਹੁਣ ਹੋਰ ਕਿਸਮ ਦੀ ਸਿਖਿਆ ਲੈਂਦੀ ਹੈ। ਉਹ ਪਦਾਰਥ ਰੂਪੀ ਚੂਹਾ ਵੇਖ ਡਰ ਜਾਂਦੀ ਹੈ। ਗੁਰੂ ਨੇ ਉਸ ਦੇ ਅਹੰਕਾਰ ਰੂਪ ਸ਼ੇਰ ਨੂੰ ਨਿਮਰਤਾ ਰੂਪੀ ਬਕਰੀ ਦੇ ਵੱਸ ਕਰ ਦਿੱਤਾ ਹੈ। ਉਸ ਦੇ ਤਮੋਗੁਣੀ ਇਦ੍ਰੇ ਰੂਪੀ ਕੁਤਿਆਂ ਨੂੰ ਸਤੋਗੁਣੀ (ਘਾਹ ਖਾਣ ਵਾਲੇ) ਪਾਸੇ ਲਾ ਦਿੱਤਾ ਹੈ। ਵੀਚਾਰ ਅਧੀਨ ਸ਼ਬਦ ਦੇ ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਫ਼ੁਰਮਾ ਰਹੇ ਹਨ:-‘‘ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ॥ ਕਰਿ ਕਿਰਪਾ ਮੋਹਿ ਨਾਮੁ ਦੇਹੁ, ਨਾਨਕ ! ਦਰ ਸਰੀਤਾ॥’’ ਭਾਵ ਹੇ ਮਿੱਤਰ ! ਗੁਰੂ ਦੀ ਸੰਗਤ ਵਿੱਚੋਂ ਮਿਲਦੇ ਹਰਿ ਨਾਮ ਦੀ ਮੈ ਕਿਹੜੀ ਕਿਹੜੀ ਵਡਿਆਈ ਦੱਸਾਂ ? ਪ੍ਰਭੂ ਦਾ ਨਾਮ ਬੇਅੰਤ ਗੁਣਾ ਦਾ ਮਾਲਕ ਹੈ। ਹੇ ਨਾਨਕ ! ਅਰਦਾਸ ਕਰ ਅਤੇ ਆਖ ਕਿ ਹੇ ਪ੍ਰਭੂ ਜੀ ! ਮੈ ਤੁਹਾਡੇ ਦਰ ਦਾ ਗੁਲਾਮ ਹਾਂ। ਮਿਹਰ ਕਰੋ, ਮੈਨੂੰ ਆਪਣਾ ਨਾਮ ਬਖ਼ਸ਼ੋ।
ਧੰਨਵਾਦ ਸਹਿਤ
ਸਰੋਤ
https://gurparsad.com/mahima-sadhu-sang-ki-suno-mere-mita/
0 comments:
Post a Comment