ਨਸ਼ੇ , ਗੁਰਮਤਿ ਦੀ ਐਨਕ ਨਾਲ
ਸੁੱਤੇ ਹੋਏ ਦੋ ਤਰਾਂ ਦੇ ਹੁੰਦੇ ਹਨ ਇਕ ਉਹ ਜੋ ਸੱਚਮੁਚ ਹੀ ਸੁੱਤੇ ਹੁੰਦੇ ਹਨ ਅਤੇ ਦੂਸਰੇ ਉਹ ਜੋ ਸੁੱਤੇ ਨਹੀ ਹੁੰਦੇ ਬਲਕੇ ਉਹਨਾ ਘੇਸਲ (ਭਾਵ ਸੌਣ ਦਾ ਐਕਟਿੰਗ ਕਰ ਰਿਹੇ ਹੁੰਦੇ ਹਨ) ਮਾਰੀ ਹੁੰਦੀ ਹੈ। ਸੁੱਤੇ ਨੂੰ ਜਗਾਉਣਾਂ ਬਹੁਤ ਅਸਾਨ ਹੈ ਇਕ ਆਵਾਜ ਮਾਰੋ ਉਹ ਉਠ ਪਵੇਗਾ ਪਰ ਜਿਸ ਨੇ ਘੇਸਲ ਮਾਰੀ ਹੋਵੇ ਉਸਦੇ ਲਾਗੇ ਭਾਂਵੇ ਨਗਾਰਾ ਵਜਾ ਦੇਵੋ ਉਹ ਨਹੀ ਉਠੇਗਾ।
ਗੱਲ ਕੋਈ ਸਾਲ ਕੁ ਪਹਿਲਾਂ ਦੀ ਹੈ ਮੇਰੇ ਦੋਸਤ ਜਗਬੀਰ ਦਾ ਭਰਾ ਮੇਰੇ ਨਾਲ ਕੁਝ ਵਿਚਾਰਾਂ ਕਰਨ ਲਗਾ ਭਾਂਵੇ ਕਿ ਉਸਦੇ ਜਿਆਦਾਤਰ ਰਿਸ਼ਤੇਦਾਰ ਅਮ੍ਰਿਤਧਾਰੀ ਹਨ ਅਤੇ ਗੁਰਬਾਣੀ ਪੜਦੇ ਵੀ ਹਨ ਪਰ ਉਸਨੇ ਮੈਨੂ ਦਸਿਆ ਕਿ ਉਸਨੇ ਕਦੀ ਜਪੁਜੀ ਸਾਹਿਬ ਵੀ ਨਹੀ ਸੀ ਪੜਿਆ, ਪਰ ਉਹ ਗੁਰੂ ਗ੍ਰੰਥ ਸਾਹਿਬ ਤੇ ਅਥਾਹ ਭਰੋਸਾ ਰਖਦਾ ਹੈ। ਮੇਰੇ ਪੁਛਣ ਤੇ ਕਿ ਜੇ ਤੂੰ ਕਦੇ ਗੁਰਬਾਣੀ ਨੂੰ ਪੜਿਆ ਨਹੀ ਫਿਰ ਭਰੋਸੇ ਤੋਂ ਤੇਰਾ ਕੀ ਮਤਲਬ ਹੈ ਤਾਂ ਉਸ ਕੋਲ ਕੋਈ ਢੁਕਵਾਂ ਜਵਾਬ ਨਹੀ ਸੀ। ਮੈਨੂੰ ਉਸਦੀ ਸ਼ਰਾਬ ਪੀਣ ਦੀ ਆਦਤ ਬਾਰੇ ਮੇਰੇ ਦੋਸਤ ਦੇ ਦੱਸਣ ਕਾਰਨ ਪਹਿਲਾਂ ਹੀ ਪਤਾ ਸੀ। ਮੈਂ ਉਸਨੂੰ ਕਿਹਾ ਕੇ ਜੇ ਗੁਰੂ ਤੇ ਭਰੋਸਾ ਕਰਦਾ ਹੈ ਤਾਂ ਸ਼ਰਾਬ ਕਿਓਂ ਨਹੀ ਛੱਡ ਦੇਂਦਾ ? ਉਸਨੇ ਜਲਦੀ ਨਾਲ ਜਵਾਬ ਦੇਂਦੇ ਹੋਏ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਲਿਖਿਆ ਸ਼ਰਾਬ ਨਹੀ ਪੀਣੀ ਚਾਹੀਦੀ ? ਮੇਰੇ ਕੋਲ ਮੋਕਾ ਹੋਣ ਕਾਰਨ ਮੈਂ ਜਲਦੀ ਨਾਲ ਆਪਣੇ ਲੈਪਟੋਪ ਦੀ ਮਦਦ ਨਾਲ ਉਸਨੂੰ ਕੁਝ ਪ੍ਰਮਾਣ ਦੇਖਾਏ। ਉਸਦੀ ਹੈਰਾਨੀ ਦੀ ਕੋਈ ਵਜਾ ਨਾ ਰਹੀ, ਗੁਰਬਾਣੀ ਦੇ ਪ੍ਰਮਾਣ ਸੁਣਦੇ ਹੀ ਉਸ ਨੂੰ ਜਿਵੇ ਯਕੀਨ ਹੋ ਗਿਆ ਹੋਵੇ। ਉਸਨੇ ਉਸੇ ਵੇਲੇ ਸ਼ਰਾਬ ਨੂ ਛੱਡਣ ਦਾ ਮਨ ਬਣਾਂ ਲਿਆ ਅਤੇ ਇਹ ਵੀ ਮਨ ਲਿਆ ਕੇ ਗੁਰਬਾਣੀ ਪੜਨੀ ਅਤੇ ਵਿਚਾਰਨੀ ਜਰੂਰੀ ਹੈ। ਹੁਣ ਉਸਨੂੰ ਸ਼ਰਾਬ ਛਡੀ ਲਗਭਗ ਇਕ ਸਾਲ ਬੀਤ ਚੁਕਾ ਹੈ ਜੋ ਇਨਸਾਨ ਪਹਿਲਾਂ ਪੰਜਾਬੀ ਪੜ੍ਹਨੀ ਵੀ ਨਹੀ ਜਾਣਦਾ ਸੀ ਹੁਣ ਜਪੁਜੀ ਸਾਹਿਬ ਦੇ ਕੁਝ ਅਰਥ ਵੀ ਕਰ ਲੈਂਦਾ ਹੈ।ਉਸ ਵਲ ਦੇਖ ਕੇ ਇਸ ਤਰਾਂ ਲਗਾ ਕਿ ਉਹ ਵਾਕਿਆ ਹੀ ਸੁੱਤਾ ਸੀ ਜੋ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਨਾਲ ਜਾਗ ਪਿਆ।
ਮੰਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਇਸ ਵਿਸ਼ੇ ਨੂੰ ਚੰਗੀ ਤਰਾਂ ਸਮਝ ਲਇਆ ਜਾਵੇ ਕਿਉਂਕਿ ਬਹੁਤ ਸਾਰੇ ਏਦਾਂ ਦੇ ਵੀਰ ਮਿਲ ਜਾਂਦੇ ਹਨ ਜੋ ਇਸ ਭੁਲੇਖੇ ਵਿੱਚ ਹਨ ਕੇ ਗੁਰਬਾਣੀ ਕਿਸੇ ਨਸ਼ੇ ਤੋਂ ਨਹੀ ਵਰਜਦੀ। ਜਿਸ ਸਮੇ ਗੁਰੂ ਜੀ ਨੇ ਬਾਣੀ ਦੀ ਰਚਨਾ ਕੀਤੀ ਉਸ ਸਮੇ ਸ਼ਰਾਬ ਦੀ ਜਗਾ ਪੰਜਾਬੀ ਵਿੱਚ ਮਦੁ ਸ਼ਬਦ ਦੀ ਹੀ ਵਦੇਰੇ ਕਰਕੇ ਵਰਤੋ ਹੁੰਦੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਬਾਬਤ ਜਿਕਰ ਹੈ:
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥(ਪੰਨਾ ੫੫੩)
ਭਾਵ ਹੇ ਨਾਨਕ ਇਹ ਸ਼ਰਾਬ ਬਹੁਤ ਵਿਕਾਰਾ ਨੂ ਜਨਮ ਦਿੰਦੀ ਹੈ। ਇਸੇ ਵਿਚਾਰ ਨੂੰ ਖੋਲ ਕੇ ਸਮਜਾਉਂਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ:
ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥(ਪੰਨਾ ੯੬੯)
ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥
ਭਾਵ ਹੁਣ ਮੇਰੇ ਅੰਦਰ ਪ੍ਰਮਾਤਮਾ ਦੇ ਨਾਮ ਦੇ ਨਿਰਮਲ ਚਛਮੇ ਦੀ ਧਾਰ ਪੈ ਰਹੀ ਹੈ ਅਤੇ ਮੇਰਾ ਮਨ ਉਸ ਵਿਚ ਰਤਿਆ ਗਿਆ ਹੈ, ਕਬੀਰ ਜੀ ਆਖਦੇ ਹਨ ਕਿ ਸ਼ਰਾਬ ਆਦਿਕ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ।
ਗੁਰੂ ਅਮਰਦਾਸ ਜੀ ਆਪਣੇ ਸਲੋਕਾਂ ਵਿਚ ਮਨੁਖਤਾ ਨੂੰ ਸ਼ਰਾਬ ਤੋਂ ਵਰਜਦਿਆਂ ਫੁਰਮਾਉਂਦੇ ਹਨ:
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥(ਪੰਨਾ ੫੫੪)
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥
ਭਾਵ ਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ, ਪਰ ਸ਼ਰਾਬ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਅਤੇ ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਪ੍ਰਮਾਤਮਾ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣੀ ਚਾਹੀਦੀ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ। ਐਸਾ ਮਨੁੱਖ ਸਦਾ ਹੀ ਮਾਲਕ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ ਭਾਵ, ਇੱਜ਼ਤ ਮਿਲਦੀ ਹੈ।
ਏਨਾ ਹੀ ਨਹੀਂ ਗੁਰਸਿਖਾਂ ਨੂੰ ਸ਼ਰਾਬ ਜਿਹੇ ਕੋਹੜ ਤੋਂ ਬਚਾਉਣ ਲਈ ਪਜਵੇਂ ਸਤਿਗੁਰੂ ਅਰਜਨ ਸਾਹਿਬ ਤਾਂ ਆਖ ਰਿਹੇ ਹਨ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥(ਪੰਨਾ ੩੯੯)
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥
ਭਾਵ ਹੇ ਸੰਤ ਜਨੋ ਜੋ ਲੋਕ ਮਤ ਨੂੰ ਦੂਰ ਕਰਨ ਵਾਲੀ ਸ਼ਰਾਬ ਦਾ ਸੇਵਨ ਕਰਦੇ ਹਨ ਉਹ ਵੇਸ਼ਵਾ ਦੇ ਪਤੀ ਦੇ ਸਮਾਨ ਹਨ ਅਤੇ ਜਿਹਨਾ ਲੋਕਾਂ ਨੇ ਪ੍ਰਮੇਸ਼ਰ ਦੇ ਨਾਮ ਦਾ ਨਸ਼ਾ ਕੀਤਾ ਹੋਇਆ ਹੈ, ਹੇ ਨਾਨਕ ਉਹ ਸਚ ਤੋਂ ਬਿਨਾ ਨਹੀ ਰਿਹ ਸਕਦੇ ਅਤੇ ਉਹੀ ਸਚੇ ਅਮਲੀ ਹਨ।
ਕੇਵਲ ਸ਼ਰਾਬ ਹੀ ਨਹੀ ਸਤਿਗੁਰੂ ਜੀ ਹੋਰ ਸਾਰੇ ਪ੍ਰਕਾਰ ਦੇ ਨਸ਼ਿਆਂ ਤੋਂ ਵਰਜਦੇ ਹੋਏ ਕਹਿਦੇ ਹਨ:
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥(ਪੰਨਾ ੭੨੬)
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥
ਭਾਵ ਹੇ ਮਨੁਖ ਤੂੰ ਇਕ ਪ੍ਰਮੇਸ਼ਰ ਨੂੰ ਛਡਕੇ ਪਾਨ,ਸੁਪਾਰੀ ਅਤੇ ਬੀੜੀਆਂ ਦੇ ਫੋਕੇ ਨਸ਼ਿਆਂ ਦਾ ਸੇਵਨ ਕਰਕੇ ਆਪਣੇ ਜੀਵਨ ਨੂੰ ਅਜਾਈ ਗਵਾ ਰਿਹਾ ਹੈ ਇਹਨਾ ਬੁਰਾਈਆਂ ਕਾਰਨ ਤੈਨੂੰ ਪੰਜ ਵਿਕਾਰ ਪਕੜ ਕੇ ਪਰੇਸ਼ਾਨ ਕਰ ਰਿਹੇ ਹਨ।
ਇਹਨਾ ਨਸ਼ਿਆਂ ਤੋਂ ਵਰਜਦੇ ਹੋਏ ਭਗਤ ਕਬੀਰ ਜੀ ਆਖਦੇ ਹਨ:
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥(ਪੰਨਾ ੧੩੬੬)
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥
ਭਾਵ ਹੇ ਕਬੀਰ ਜੇ ਕੋਈ ਮਨੁਖ ਸਾਫ਼ ਸੁਥਰੇ ਕਪੜੇ ਪਾਉਣ ਦੇ ਬਾਵਜੂਦ ਵੀ ਪਾਨ ਸੁਪਾਰੀ ਆਦਿਕ ਨਸ਼ਿਆਂ ਦਾ ਸੇਵਨ ਕਰਦਾ ਹੈ ਅਤੇ ਪ੍ਰਮੇਸ਼ਰ ਨੂੰ ਭੂਲ ਬੈਠਾ ਹੈ ਉਹ ਪੰਜ ਵਿਕਾਰਾਂ ਦੇ ਵਸ ਪੈ ਜਾਂਦਾ ਹੈ।
ਏਨਾ ਹੀ ਨਹੀ ਕਬੀਰ ਜੀ ਹੋਰ ਕਹਿਦੇ ਹਨ:
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥(ਪੰਨਾ ੧੩੭੭)
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥
ਕਬੀਰ ਜੀ ਆਖਦੇ ਹਨ ਜੇਕਰ ਕੋਈ ਵਿਅਕਤੀ ਭੰਗ,ਮਛੀ ਜਾਂ ਸ਼ਰਾਬ ਪੀਂਦਾ ਹੈ ਜੋ ਵਿਕਾਰਾਂ ਨੂੰ ਭੜਕਾਉਣ ਵਾਲੇ ਪਦਾਰਥ ਹਨ ਉਸ ਦੇ ਕੀਤੇ ਧਰਮ ਦੇ ਕਮ ਵੀ ਕਿਸੇ ਕਮ ਨਹੀ ਆ ਸਕਦੇ ਅਤੇ ਉਹ ਵਿਕਾਰਾਂ ਦੇ ਵਸ ਹੋ ਜਾਂਦਾ ਹੈ।
ਜਿਸ ਸਮੇ ਗੁਰੂ ਨਾਨਕ ਸਾਹਿਬ ਸੰਸਾਰ ਦੇ ਲੋਕਾ ਨੂੰ ਪ੍ਰਮੇਸ਼ਰ ਨਾਲ ਜੋੜਨ ਦਾ ਉਪਦੇਸ਼ ਦੇ ਰਿਹੇ ਸਨ,ਇਤਿਹਾਸ ਵਿਚ ਜਿਕਰ ਹੈ ਕੇ ਜੋਗੀਆਂ ਨੇ ਵੀ ਸਤਿਗੁਰਾਂ ਨੂੰ ਸ਼ਰਾਬ ਪੀਣ ਦੀ ਬੇਨਤੀ ਕੀਤੀ,ਪਰ ਸਤਿਗੁਰਾਂ ਨੇ ਕਿਹਾ ਇਹ ਸ਼ਰਾਬ ਉਹ ਨਹੀ ਹੈ ਜੋ ਪ੍ਰਮੇਸ਼ਰ ਦੇ ਨਾਲ ਜੋੜ ਦੇਵੇ ਅਤੇ ਉਹ ਸ਼ਰਾਬ ਹੋਰ ਹੈ।
ਸਤਿਗੁਰਾਂ ਦਾ ਆਸਾ ਰਾਗ ਵਿਚ ਉਚਾਰਿਆ ਸ਼ਬਦ ਇਸ ਘਟਨਾਂ ਦੀ ਪ੍ਰੋੜਤਾ ਕਰਦਾ ਹੈ ਜੋ ਕਿ ਇਹ ਹੈ:
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥(ਪੰਨਾ ੩੬੦ )
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥
ਭਾਵ ਹੇ ਜੋਗੀ! ਤੂੰ ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ ਅਤੇ ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ ਇਹਨਾਂ ਵਿਚ ਰਲਾ ਦੇ ਅਤੇ ਸਰੀਰਕ ਮੋਹ ਨੂੰ ਸਾੜਕੇ ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ ਅਟੱਲ ਆਤਮਕ ਜੀਵਨ-ਦਾਤਾ ਅੰਮ੍ਰਿਤ ਨਿਕਲੇਗਾ। ਹੇ ਜੋਗੀ! ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ ਅਤੇ ਸੁਰਤਿ ਮੁੜ ਉੱਖੜ ਜਾਂਦੀ ਹੈ ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ ਅਤੇ ਸਿਮਰਨ ਦਾ ਆਨੰਦ ਮਾਣਦਾ ਹੈ ਅਤੇ ਸਿਮਰਨ ਦੀ ਬਰਕਤਿ ਨਾਲ ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,ਜਿਸ ਮਨੁਖ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਇਹ ਲਿਵ ਦਿਨ ਰਾਤ ਬਣੀ ਰਹਿੰਦੀ ਹੈ ਅਤੇ ਉਹ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ।
ਸਤਿਗੁਰੂ ਗ੍ਰੰਥ ਸਾਹਿਬ ਦੇ ਇਹ ਬਚਨ ਸੁਤੇ ਨੂੰ ਜਗਾਉਣ ਲਈ ਕਾਫੀ ਹਨ ਪਰ ਜਿਸ ਨੇ ਘੇਸਲ ਮਾਰੀ ਹੋਵੇ ਓਸ ਬਾਬਤ ਸਤਿਗੁਰੂ ਨਾਨਕ ਪਾਤਸ਼ਾ ਆਖਦੇ ਹਨ:
ਮਨਮੁਖੁ ਪਾਥਰੁ ਸੈਲੁ ਨ ਭੀਜੈ ॥(ਪੰਨਾ ੧੦੨੯)
ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ ਭਗਤੀ-ਭਾਵ ਵਿਚ ਨਹੀਂ ਭਿੱਜਦਾ। ਆਪਣੇ ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ ਬਥੇਰੇ ਤਰਲੇ ਭੀ ਕਰੇ ਤਾਂ ਭੀ ਕਿਸੇ ਅਰਥ ਨਹੀਂ, ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ ਭਾਵ,ਹਰ ਰੋਜ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ।
ਗੁਰੂ ਪੰਥ ਦਾ ਦਾਸ
ਗੁਰਿੰਦਰ ਸਿੰਘ
ਫੋਨ +6141379921
ਧੰਨਵਾਦ ਸਹਿਤ
ਸਰੋਤ
https://www.singhsabhacanada.com/?p=82361
0 comments:
Post a Comment