Nasibpura

Friday, September 16, 2016

ਲੋਕ ਗਾਥਾ ਪੂਰਨ ਭਗਤ Lok gaatha Puran Bhagat (Punjabi)

ਲੋਕ ਗਾਥਾ ਪੂਰਨ ਭਗਤ Lok gaatha Puran Bhagat (Punjabi)

ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ ’ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ – ਸਿਆਲਕੋਟ ਉਸ ਦੀ ਰਾਜਧਾਨੀ ਸੀ। ਸਲਵਾਨ ਇਕ ਆਸ਼ਿਕ-ਮਿਜ਼ਾਜ ਅਤੇ ਮੌਜ-ਮਸਤੀ ’ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ ਦੀ। ਢਲਦੀ ਉਮਰੇ, ਬੜੀਆਂ ਮੰਨਤਾਂ ਮੰਨਣ ਮਗਰੋਂ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਪੂਰਨ ਰੱਖਿਆ। ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਨਣ ਲਈ ਨਜੂਮੀ ਸੱਦ ਲਏ। ਨਜੂਮੀਆਂ ਸਲਾਹ ਦਿੱਤੀ, ‘‘ਹੇ ਰਾਜਨ! ਇਹ ਨਵ-ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।’’
ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਬਾਰ੍ਹਾਂ ਵਰ੍ਹੇ ਲਈ ਭੌਰੇ ਵਿਚ ਪਾਉਣ ਦਾ ਹੁਕਮ ਸੁਣਾ ਦਿੱਤਾ! ਪੂਰਨ ਦੀ ਮਾਂ ਇੱਛਰਾਂ ਤੜਪਦੀ ਸੀ, ਕੁਰਲਾਉਂਦੀ ਰਹੀ-ਉਹਦੀਆਂ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ।
ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੌਰੇ ਵਿਚ ਪਾ ਦਿੱਤਾ ਗਿਆ। ਇੱਛਰਾਂ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿਚ ਸੁੰਨਸਾਨ ਵਰਤ ਗਈ। ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ਪ੍ਰਸਤੀ ਲਈ ਨਵ-ਜੋਬਨ ਮੁਟਿਆਰ ਲੂਣਾਂ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ…ਇੱਛਰਾਂ ਲਈ ਉਹਦੇ ਅੰਦਰ ਹੋਰ ਕੋਈ ਕਸ਼ਿਸ਼ ਨਹੀਂ ਸੀ ਰਹੀ। ਇੱਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਂ-ਬਾਪ ਦੇ ਮੋਹ-ਮਮਤਾ ਤੋਂ ਸੱਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ’ਤੇ ਚੜ੍ਹਨ ਲੱਗਾ।
ਸਮਾਂ ਆਪਣੀ ਤੋਰੇ ਤੁਰ ਰਿਹਾ ਸੀ…ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ…ਰੂਪ ਦੀ ਸਾਕਾਰ ਮੂਰਤ…ਇਕ ਅਨੋਖੀ ਚਮਕ ਉਹਦੇ ਚਿਹਰੇ ’ਤੇ ਝਲਕਾਂ ਮਾਰ ਰਹੀ ਸੀ…ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿਚ ਆਪਣੇ ਪਿਤਾ ਦੇ ਸਨਮੁੱਖ ਹੋਇਆ…ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ।
ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ ’ਚੋਂ ਮਮਤਾ ਦੇ ਅੱਥਰੂ ਵਹਿ ਤੁਰੇ…ਪੂਰਨ ਨੇ ਮਾਂ ਦੇ ਚਰਨ ਛੂਹੇ, ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣ-ਬਣ ਪੈਂਦੇ ਰੂਪ ’ਤੇ ਬਲਿਹਾਰੇ ਜਾ ਰਹੀ ਸੀ। ‘‘ਪੁੱਤ ਪੂਰਨਾ! ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾਂ ਨੂੰ ਮਿਲ ਆ’’ ਆਖ ਰਾਣੀ ਇੱਛਰਾਂ ਨੇ ਪੂਰਨ ਨੂੰ ਲੂਣਾਂ ਵੱਲ ਤੋਰ ਦਿੱਤਾ।
ਸ਼ਾਹੀ ਮਹਿਲਾਂ ’ਚ ਪਹਿਲਾ ਮਹਿਲ ਮਤਰੇਈ ਮਾਂ ਲੂਣਾਂ ਦਾ ਸੀ। ਲੂਣਾਂ ’ਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ। ਜਦੋਂ ਦੀ ਉਹ ਇਸ ਮਹਿਲ ਵਿਚ ਆਈ ਸੀ ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ। ਉਹਦੀ ਦੇਖ-ਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾਂ ਵਿਚ ਆਉਣ ਦੀ ਮਨਾਹੀ ਸੀ। ਲੂਣਾਂ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ, ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ।
ਲੂਣਾਂ ਦੇ ਬੋਲਾਂ ’ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿਣ ਵਿਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ ’ਚ ਭਰ ਕੇ ਆਪਣੀ ਸੇਜ ’ਤੇ ਸੁੱਟ ਲਿਆ ਪ੍ਰੰਤੂ ਪੂਰਨ ਨੇ ਇਕ ਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ, ‘‘ਮਾਤਾ! ਹੋਸ਼ ਕਰ! ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ। ਮੇਰੇ ਬਾਪ ਨੇ ਤੈਨੂੰ ਪਰਣਾ ਕੇ ਲਿਆਂਦੈ! ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਏਂ।’’
‘‘ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਜ਼ਾਲਮਾ! ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸੀਰ ਚੁੰਘਾਇਆ! ਮੇਰਾ ਪਤੀ ਮੇਰੇ ਬਾਪ ਦੇ ਹਾਣ ਦਾ ਏ…ਸਾਡਾ ਜੋੜ ਨੀ ਜੁੜਦਾ…ਮੇਰਾ ਜੋੜ ਤਾਂ ਤੇਰੇ ਨਾਲ ਜੁੜਦੈ। ਪੂਰਨ! ਆਪਣੀ ਜੁਆਨੀ ਦਾ ਮਾਣ ਰੱਖ। ਮੈਂ ਸਾਰੀ ਜ਼ਿੰਦਗੀ ਤੇਰਾ ‘ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ।’’
ਲੂਣਾਂ ਪੂਰਨ ਅੱਗੇ ਵਿੱਛ-ਵਿੱਛ ਜਾ ਰਹੀ ਸੀ। ਪ੍ਰੰਤੂ ਪੂਰਨ ਉੱਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਅਡੋਲ ਖਲੋਤਾ ਆਪਣੇ ਧਰਮ ’ਤੇ ਪਹਿਰਾ ਦਿੰਦਾ, ਸੋਚਾਂ ’ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵੱਗਿਆ ਨਾ ਹੋ ਜਾਵੇ। ਆਖਰ ਉਸ ਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾਂ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲ ਆਇਆ।
ਲੂਣਾਂ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰੀ ਬੈਠੀ ਸੀ।
ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾਂ ਦੇ ਮਹਿਲਾਂ ’ਚ ਪੁੱਜਾ। ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਦੀਵਾ ਬੱਤੀ ਨਹੀਂ। ਸਾਰੇ ਸ਼ਮ੍ਹਾਦਾਨ ਗੁੱਲ ਹੋਏ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ’ਤੇ ਆਪ ਨਹੀਂ ਸੀ ਆਈ…ਉਹ ਰਾਣੀ ਦੇ ਕਮਰੇ ਵੱਲ ਆਹੁਲਿਆ… ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ-ਸ਼ਿੰਗਾਰ ਏਧਰ-ਓਧਰ ਖਿੰਡਿਆ ਪਿਐ…।
‘‘ਮੇਰੀਏ ਲਾਡੋ ਰਾਣੀਏਂ ਦਸ ਖਾਂ ਮੇਰੇ ਪਾਸੋਂ ਕਿਹੜੀ ਖ਼ੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸੁਜਾਏ ਹੋਏ ਨੇ… ਆਖਦਿਆਂ ਸਲਵਾਨ ਨੇ ਲੂਣਾਂ ਨੂੰ ਬਿਠਾ ਲਿਆ। ਉਹਨੇ ਵੇਖਿਆ ਉਹਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ ’ਚ ਆ ਗਈ ਤੇ ਹਟਕੋਰੇ ਭਰਦਿਆਂ ਰਾਜੇ ਨੂੰ ਮੁਖਾਤਿਬ ਹੋਈ, ‘‘ਰਾਜਨ! ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਐ, ਸ਼ਾਇਦ ਤੁਹਾਡੇ ਮਨ ਨਾ ਲੱਗੇ… ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ, ਮੇਰੇ ’ਤੇ ਐਡਾ ਕਹਿਰ ਵਾਪਰੇਗਾ…ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦੈ? ਰਾਜਿਆ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਐ, ਪਰ ਮੈਂ ਮਸੀਂ ਉਹਦੇ ਚੁੰਗਲ ’ਚੋਂ ਬਚ ਕੇ ਨਿਕਲ ਸਕੀ ਆਂ…।’’
ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉਠਿਆ, ‘‘ਪੂਰਨ ਦੀ ਇਹ ਜੁਰਅੱਤ ਮੈਂ ਉਹਦੇ ਸੀਰਮੇ ਪਾ ਜਾਵਾਂਗਾ! ਉਹਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆਂ ਯਾਦ ਰੱਖੇਗੀ।’’
ਭੈੜਾ ਸਲਵਾਨ ਕੀ ਜਾਣੇ, ਲੂਣਾਂ ਨੇ ਤਾਂ ਪੂਰਨ ’ਤੇ ਤੋਹਮਤ ਲਾਉਣ ਖਾਤਰ ਤ੍ਰਿਆ ਚ੍ਰਿੱਤਰ ਦੀ ਚਾਲ ਚੱਲੀ ਸੀ!
ਅਗਲੀ ਭਲਕ ਸਲਵਾਨ ਨੇ ਭਰੇ ਦਰਬਾਰ ਵਿਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾਂ ’ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਦਰ ਕਰ ਦਿੱਤਾ! ਬੇਗੁਨਾਹ ਪੂਰਨ ਦੀ ਕਿਸੇ ਇਕ ਨਾ ਸੁਣੀ।
ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ…ਰਾਣੀ ਇੱਛਰਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ…ਸ਼ਹਿਰ ਦੀ ਜਨਤਾ ਮੂਕ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ…ਰਾਜੇ ਦਾ ਤਪ ਤੇਜ ਹੀ ਐਨਾ ਸੀ ਕਿਸੇ ਹਾਅ ਦਾ ਨਾਅਰਾ ਮਾਰਨ ਦੀ ਜੁਰਅੱਤ ਵੀ ਨਾ ਕੀਤੀ। ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂੰ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ…। ਜੰਗਲ ’ਚ ਜਾ ਕੇ ਉਹ ਉਹਨੂੰ ਵੱਢ-ਵੱਢ ਕੇ ਇਕ ਵਿਰਾਨ ਖੂਹ ’ਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾ ਆਏ ਹਨ।
ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋ ਜੋਗੀਆਂ ਦਾ ਇਕ ਟੋਲਾ ਉਸੇ ਖੂਹ ’ਤੇ ਆਣ ਉਤਰਿਆ ਜਿਸ ਵਿਚ ਪੂਰਨ ਵੱਢਿਆ-ਟੁੱਕਿਆ ਪਿਆ ਸੀ। ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿਚ ਡੋਲ ਫਰਾਇਆ… ਉਸ ਨੂੰ ਕਿਸੇ ਪੁਰਸ਼ ਦੇ ਕਰ੍ਹਾਹੁਣ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ.. ਉਨ੍ਹਾਂ ਪੂਰਨ ਨੂੰ ਖੂਹ ਵਿਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖ ਨਾਥ ਦੇ ਟਿੱਲੇ ’ਤੇ ਲੈ ਆਏ! ਗੋਰਖ ਦੀ ਤੀਮਾਰਦਾਰੀ, ਸਨੇਹ ਅਤੇ ਮੁਰਵੱਤ ਦੇ ਥਾਪੜੇ ਨੇ ਉਸ ਨੂੰ ਕੁਝ ਦਿਨਾਂ ਵਿਚ ਹੀ ਨੌ-ਬਰ-ਨੌ ਕਰ ਦਿੱਤਾ। ਗੋਰਖ ਨਾਥ ਦੀ ਤਲਿਸਮੀ ਸ਼ਖ਼ਸੀਅਤ ਨੇ ਪੂਰਨ ਨੂੰ ਅਜਿਹਾ ਕੀਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ ’ਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿਚ ਜੁਟ ਗਿਆ… ਤਿਆਗ ਦੀ ਮੂਰਤ ਬਣੇ ਪੂਰਨ ਨੇ ਇਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ। ਗੋਰਖ ਤਰੁੱਠਿਆ… ਉਹਨੇ ਪੂਰਨ ਦੇ ਕੰਨਾਂ ’ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ।
ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ ’ਚ ਬਗਲੀ ਪਾ ਕੇ ਭਿੱਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝੱਲਿਆ ਨਾ ਗਿਆ। ਉਨ੍ਹਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ…ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ ’ਚ ਉਲੱਦ ਦਿੱਤਾ। ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਨਾ ਦੇਖਿਆ।
ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ-ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ, ‘‘ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ…ਹੀਰੇ ਮੋਤੀ ਨਹੀਂ।’’
ਪੂਰਨ ਉਸੇ ਪੈਰੀਂ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਅਲਖ ਜਗਾਈ! ਰਾਣੀ ਸੁੰਦਰਾਂ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ, ਪੂਰਨ ’ਤੇ ਫਿਦਾ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ…ਗੋਰਖ ਦੇ ਟਿੱਲੇ ’ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ ’ਚ ਸੀਸ ਨਿਵਾ ਦਿੱਤਾ।
ਪਿਆਰ ਤੇ ਸ਼ਰਧਾ ਵਿਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ,‘‘ਰਾਣੀ ਮੰਗ ਜੋ ਮੰਗਣੈਂ…ਤੇਰੀ ਹਰ ਮੁਰਾਦ ਪੂਰੀ ਹੋਵੇਗੀ।’’
‘‘ਕਿਸੇ ਚੀਜ਼ ਦੀ ਲੋੜ ਨੀ ਨਾਥ ਜੀ।’’ ਸੁੰਦਰਾਂ ਨੇ ਦੋਵੇਂ ਹੱਥ ਜੋੜ ਕੇ ਆਖਿਆ।
‘‘ਅਜੇ ਵੀ ਮੰਗ ਲੈ’’ ਗੋਰਖ ਮੁੜ ਬੋਲਿਆ।
‘‘ਨਾਥ ਜੀ ਥੋਡਾ ਅਸ਼ੀਰਵਾਦ ਹੀ ਬਹੁਤ ਐ’’, ਸੁੰਦਰਾਂ ਭਾਵੁਕ ਹੋਈ ਆਖ ਰਹੀ ਸੀ।
‘‘ਤੀਜਾ ਵਚਨ ਐ..ਮੰਗ ਲੈ ਰਾਣੀਏਂ।’’
ਸੁੰਦਰਾਂ ਲਈ ਇਹੋ ਯੋਗ ਅਵਸਰ ਸੀ। ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, ‘‘ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੋਵੋ।’’
ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ।
ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ…ਰਾਣੀ ਨੇ ਉਹਦੀਆਂ ਸੈਆਂ ਖਾਤਰਾਂ ਕੀਤੀਆਂ ਪ੍ਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖਰੇ ਭਰਮਾ ਨਾ ਸਕੇ। ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ। ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿਚ ਜਾ ਕੇ ਜੰਗਲ-ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ’ਤੇ ਖੜ੍ਹ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰਖਤਾਂ ਦੇ ਝੁੰਡ ਓਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਪੂਰਨ ਦੇ ਪ੍ਰੇਮ ’ਚ ਦੀਵਾਨੀ ਹੋਈ ਸੁੰਦਰਾਂ ਉਹਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ। ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ…ਸੁੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।
ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ ’ਤੇ ਘੁੰਮਦਾ ਰਿਹਾ…ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ। ਰਾਣੀ ਇੱਛਰਾਂ ਆਪਣੇ ਪੁੱਤ ਦੇ ਵਿਯੋਗ ਵਿਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾਂ ਦੀ ਕੁੱਖ ਅਜੇ ਤੀਕ ਹਰੀ ਨਹੀਂ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।
ਘੁੰਮਦਾ-ਘੁੰਮਦਾ ਪੂਰਨ ਪੂਰੇ ਬਾਰ੍ਹਾਂ ਵਰ੍ਹੇ ਮਗਰੋਂ ਜੋਗੀ ਦੇ ਭੇਸ ਵਿਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ। ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ ’ਚ ਲੀਨ ਹੋ ਗਿਆ। ਪਲਾਂ ਛਿਨਾਂ ਵਿਚ ਹੀ ਬਾਗ ਹਰਾ-ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿਚ ਫੈਲ ਗਈ। ਸ਼ਹਿਰ ਵਿਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਕਨਸੋਅ ਪਈ…ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫੈਸਲਾ ਕਰ ਲਿਆ।
ਸਲਵਾਨ ਰਾਣੀਆਂ ਸਮੇਤ ਧੂਣਾ ਤਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ-ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ…ਉਹਨੇ ਸਤਿਕਾਰ ਵਜੋਂ ਉਠ ਕੇ ਆਪਣੀ ਮਾਂ ਇੱਛਰਾਂ ਦੇ ਚਰਨ ਜਾ ਛੂਹੇ।
ਉਹਦੀ ਛੂਹ ਪ੍ਰਾਪਤ ਕਰਕੇ ਇੱਛਰਾਂ ਬੋਲੀ, ‘‘ਵੇ ਪੁੱਤ ਜੋਗੀਆ, ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈਂ…।’’
ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੂਹ ਪ੍ਰਾਪਤ ਕਰਦੇ ਹੀ ਇੱਛਰਾਂ ਦੀਆਂ ਅੱਖਾਂ ਵਿਚ ਮੁੜ ਜੋਤ ਪਰਤ ਆਈ ਅਤੇ ਉਹਦੀਆਂ ਛਾਤੀਆਂ ਵਿਚੋਂ ਮਮਤਾ ਦਾ ਦੁੱਧ ਛਲਕ ਪਿਆ।
ਪੂਰਨ ਦੇ ਮੁਖੜੇ ’ਤੇ ਅਨੂਠੇ ਜਮਾਲ ਸੀ।
ਸਲਵਾਨ ਸੁੰਨ ਹੋਇਆ ਖੜੋਤਾ ਸੀ… ਉਸ ਦੇ ਬੁੱਲ੍ਹ ਫਰਕ ਰਹੇ ਸਨ ਪ੍ਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾਂ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ‘‘ਜੋਗੀ ਜੀ, ਸਾਡੇ ’ਤੇ ਦਿਆ ਕਰੋ! ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖਸ਼ੋ।’’
‘‘ਪੁੱਤ ਤਾਂ ਰਾਜੇ ਦਾ ਹੈਗਾ- ਹੋਰ ਪੁੱਤ ਦੀ ਕੀ ਲੋੜ ਐ’’ ਜੋਗੀ ਬੁਲ੍ਹੀਆਂ ’ਚ ਮੁਸਕਰਾਇਆ!
‘‘ਜੋਗੀ ਜੀ ਪੁੱਤ ਮੇਰਾ ਹੈ ਨਹੀਂ, ਹੈ ਸੀ, ਪਰ ਕੁਕਰਮ ਕਰਕੇ ਇਸ ਦੁਨੀਆਂ ’ਚ ਨਹੀਂ ਰਿਹਾ।’’ ਐਨਾ ਆਖ ਰਾਜੇ ਦਾ ਗਲਾ ਭਰ ਆਇਆ। ਲੂਣਾਂ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ…ਉਹਦੀਆਂ ਅੱਖੀਆਂ ’ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸ ਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ, ‘‘ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ। ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ…ਮੈਂ ਡੋਲ ਗਈ ਸਾਂ। ਉਹਦਾ ਕੋਈ ਕਸੂਰ ਨਹੀਂ ਸੀ, ਮੈਂ ਹੀ ਉਸ ’ਤੇ ਝੂਠੀ ਤੋਹਮਤ ਲਾਈ ਸੀ।’’
ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿਚੋਂ ਤਲਵਾਰ ਧੂਹ ਲਈ ਤੇ ਲੂਣਾਂ ਦਾ ਗਾਟਾ ਲਾਹੁਣ ਲਈ ਬਾਂਹ ਉਲਾਰੀ।
ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, ‘‘ਇਹਨੂੰ ਖਿਮਾ ਕਰ ਦੇਵੋ…ਤੁਹਾਡਾ ਪੁੱਤ ਜਿਊਂਦਾ ਹੈ…ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।’’
ਵੈਰਾਗ ਦੇ ਹੰਝੂ ਵਹਿ ਤੁਰੇ…ਇੱਛਰਾਂ, ਲੂਣਾਂ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਵਿਸਮਾਦੀ ਅਵਸਥਾ ਵਿਚ ਪੁੱਜ ਗਏ। ਉਨ੍ਹਾਂ ਨੇ ਪੂਰਨ ਨੂੰ ਆਪਣੇ ਮਹਿਲੀਂ ਚੱਲਣ ਲਈ ਆਖਿਆ…ਪ੍ਰੰਤੂ ਪੂਰਨ ਨੇ ਉਨ੍ਹਾਂ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ… ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ। ਉਹਨੇ ਭਿੱਖਿਆ ਦੇ ਖੱਪਰ ਵਿਚੋਂ ਚੌਲ ਦਾ ਇਕ ਦਾਣਾ ਚੁੱਕ ਕੇ ਲੂਣਾਂ ਦੀ ਹਥੇਲੀ ’ਤੇ ਰੱਖ ਕੇ ਆਖਿਆ, ‘‘ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ। ਤੁਹਾਡੀ ਝੋਲੀ ਵਿਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।’’
ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਤੁਰ ਗਿਆ। ਸਲਵਾਨ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ…।
ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ।
Share:

0 comments:

Post a Comment

Latest Reviews

Powered by Blogger.

About me

Anything Submit Forum

Name

Email *

Message *

Search This Blog

Blog Archive

Popular Posts

Blog Archive

Blogger templates

captain_jack_sparrow___vectorHello, my name is Er Balvinder Singh .
Learn More →